ਹਰ ਸਾਲ, ਪੰਜ ਲੱਖ ਤੋਂ ਵੀ ਵੱਧ ਲੋਕ ਗੁਰਦੇ ਦੀ ਪੱਥਰੀ ਦੀ ਸਮੱਸਿਆ ਕਰਕੇ ਹਸਪਤਾਲਾਂ ਵਿਚ ਭਰਤੀ ਹੁੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਦਸਾਂ ਵਿੱਚੋਂ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਸਮੇਂ ਗੁਰਦੇ ਦੀ ਪੱਥਰੀ ਦੀ ਸੱਮਸਿਆ ਨਾਲ ਜੂਝਦਾ ਹੈ ।
ਗੁਰਦੇ ਦੀ ਪੱਥਰੀ ਇੱਕ ਸਖ਼ਤ ਵਸਤੂ ਹੈ ਜੋ ਪਿਸ਼ਾਬ ਵਿੱਚ ਮੌਜੂਦ ਰਸਾਇਣਾਂ ਤੋਂ ਬਣਦੀ ਹੈ। ਪਿਸ਼ਾਬ ਵਿੱਚ ਕਈ ਤਰਾਂ ਦੀਆਂ ਅਸ਼ੁੱਧੀਆਂ ਘੁਲ ਜਾਂਦੀਆਂ ਹਨ। ਜਦੋਂ ਬਹੁਤ ਘੱਟ ਤਰਲ ਵਿੱਚ ਬਹੁਤ ਜ਼ਿਆਦਾ ਅਸ਼ੁੱਧੀਆਂ ਹੁੰਦੀਆਂ ਹਨ, ਤਾਂ ਕ੍ਰਿਸਟਲ ਬਣਨੇ ਸ਼ੁਰੂ ਹੋ ਜਾਂਦੇ ਹਨ। ਕ੍ਰਿਸਟਲ ਦੂਜੇ ਤੱਤਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਇੱਕ ਠੋਸ ਵਸਤੂ ਬਣਾਉਣ ਲਈ ਇੱਕਠੇ ਹੋ ਜਾਂਦੇ ਹਨ ਜੋ ਕਿ ਵੱਡੇ ਹੋ ਜਾਂਦੇ ਹਨ, ਜਦੋਂ ਤੱਕ ਇਹ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਹੀਂ ਨਿਕਲਦੇ। ਆਮ ਤੌਰ ‘ਤੇ, ਇਹ ਰਸਾਇਣ ਗੁਰਦਿਆਂ ਦੁਆਰਾ ਪਿਸ਼ਾਬ ਵਿੱਚ ਹੀ ਖਤਮ ਕਰ ਦਿੱਤੇ ਜਾਂਦੇ ਹਨ।
ਜ਼ਿਆਦਾਤਰ ਲੋਕਾਂ ਵਿੱਚ, ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਲੈਣ ਨਾਲ, ਇਹ ਆਪਣੇ ਆਪ ਹੀ ਸ਼ਰੀਰ ਵਿਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਗੁਰਦੇ ਵਿੱਚ ਮੌਜੂਦ ਹੋਰ ਰਸਾਇਣ ਪੱਥਰੀ ਨੂੰ ਬਣਨ ਤੋਂ ਰੋਕਦੇ ਹਨ।
ਪਰ ਪੱਥਰੀ ਦੇ ਬਣਨ ਤੋਂ ਬਾਅਦ, ਪੱਥਰ ਗੁਰਦੇ ਵਿੱਚ ਰਹਿ ਜਾਂਦਾ ਹੈ ਜਾਂ ਪਿਸ਼ਾਬ ਨਾਲੀ ਦੇ ਰਾਹੀਂ ਹੇਠਾਂ ਯੂਰੇਟਰ ਵਿੱਚ ਚਲਾ ਜਾਂਦਾ ਹੈ ਅਤੇ ਦਰਦ ਦਾ ਕਾਰਨ ਬਣਦਾ ਹੈ।
ਗੁਰਦੇ ਦੀ ਪੱਥਰੀ ਦੇ ਕਾਰਨ
ਪੱਥਰੀ ਦੇ ਸੰਭਾਵਿਤ ਕਾਰਨ ਜਿਵੇਂ ਕਿ:
- ਬਹੁਤ ਘੱਟ ਪਾਣੀ ਪੀਣਾ
- ਕਸਰਤ (ਬਹੁਤ ਜ਼ਿਆਦਾ ਜਾਂ ਬਹੁਤ ਘੱਟ ਕਰਨਾ)
- ਮੋਟਾਪਾ
- ਭਾਰ ਘਟਾਉਣ ਦੀ ਸਰਜਰੀ
- ਬਹੁਤ ਜ਼ਿਆਦਾ ਲੂਣ ਵਾਲਾ ਜਾਂ ਮਿੱਠਾ ਭੋਜਨ ਖਾਣਾ
- ਇੰਫੈਕਸ਼ਨ
- ਪਰਿਵਾਰਕ ਪੱਥਰੀ ਦਾ ਇਤਿਹਾਸ
- ਐਚ ਆਈ ਵੀ ਦੇ ਇਲਾਜ਼ ਦੋਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ
- ਔਰਤਾਂ ਵਿਚ ਏਸਟਰੋਜਨ ਹਾਰਮੋਨ ਦੀ ਕਮੀ
- ਬਹੁਤ ਜ਼ਿਆਦਾ ਫਰੂਕਟੋਜ਼ ਵਾਲਾ ਖਾਣਾ ਆਦਿ
ਪੱਥਰੀ ਦੀਆਂ ਕਿਸਮਾਂ
ਪੱਥਰੀ ਦੀਆਂ ਕੁੱਝ ਮੁੱਖ ਕਿਸਮਾਂ ਇਸ ਤਰਾਂ ਹਨ
- ਕੈਲਸ਼ੀਅਮ ਆਕਸੇਲੇਟ ਪੱਥਰੀ: ਇਹ ਗੁਰਦੇ ਦੀ ਪੱਥਰੀ ਦੀ ਸਭ ਤੋਂ ਆਮ ਕਿਸਮ ਹੈ ਜੋ ਉਦੋਂ ਬਣਦੀ ਹੈ ਜਦੋਂ ਕੈਲਸ਼ੀਅਮ ਪਿਸ਼ਾਬ ਵਿੱਚ ਮੌਜੂਦ ਆਕਸਲੇਟ ਨਾਲ ਮਿਲ ਜਾਂਦਾ ਹੈ।
- ਯੂਰਿਕ ਐਸਿਡ ਪੱਥਰੀ: ਇਹ ਗੁਰਦੇ ਦੀ ਪੱਥਰੀ ਦੀ ਇੱਕ ਹੋਰ ਆਮ ਕਿਸਮ ਹੈ।ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਗੁਰਦਿਆਂ ਵਿੱਚ ਪੱਥਰੀ ਦਾ ਕਾਰਨ ਬਣਦੀ ਹੈ।ਇਸ ਕਿਸਮ ਦੀ ਪੱਥਰੀ ਪਰਿਵਾਰ ਵਿੱਚ ਪੀੜੀ ਦਰ ਪੀੜੀ ਚੱਲਦੀ ਹੈ।
- ਸਟਟਰੂਵਾਈਟ ਪੱਥਰੀ: ਇਹ ਪੱਥਰੀ ਆਮ ਤੌਰ ਤੇ ਘੱਟ ਹੁੰਦੀ ਹੈ। ਇਹ ਉੱਪਰੀ ਪਿਸ਼ਾਬ ਨਾਲੀ ਵਿੱਚ ਇਨਫੈਕਸ਼ਨ ਦੇ ਕਾਰਨ ਹੁੰਦੀ ਹੈ।
- ਸਿਸਟੀਨ ਪੱਥਰੀ: ਇਹ ਪੱਥਰੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਇਹ ਪਰਿਵਾਰ ਵਿੱਚ ਪੀੜੀ ਦਰ ਪੀੜੀ ਚਲਦੀ ਹੈ।
ਲੱਛਣ
ਲੱਛਣ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਹੋ ਸਕਦੇ ਹਨ:
- ਤੁਹਾਡੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਗੰਭੀਰ ਦਰਦ
- ਪੇਟ ਦਰਦ ਜੋ ਦੂਰ ਨਹੀਂ ਹੁੰਦਾ
- ਪਿਸ਼ਾਬ ਵਿੱਚ ਖੂਨ ਆਉਣਾ
- ਮਤਲੀ ਜਾਂ ਉਲਟੀਆਂ
- ਬੁਖਾਰ ਅਤੇ ਠੰਢ
- ਪਿਸ਼ਾਬ ਵਿੱਚ ਬਦਬੂ ਆਉਂਣਾ
- ਪਿਸ਼ਾਬ ਰੁਕ ਰੁਕ ਕੇ ਆਉਣਾ
- ਪਿਸ਼ਾਬ ਕਰਨ ਲੱਗੇ ਦਰਦ ਹੋਣਾ
ਜਾਂਚ ਪੜਤਾਲ
ਗੁਰਦੇ ਦੀ ਪੱਥਰੀ ਦੀ ਜਾਂਚ ਮਰੀਜ਼ ਦੀ ਮੈਡੀਕਲ ਹਿਸਟਰੀ, ਸਰੀਰਕ ਮੁਆਇਨਾ, ਐਕ੍ਸ ਰੇ, ਸੀ ਟੀ ਸਕੈਨ ਆਦਿ ਟੈਸਟਾਂ ਨਾਲ ਸ਼ੁਰੂ ਹੁੰਦੀ ਹੈ।ਡਾਕਟਰ ਗੁਰਦੇ ਦੀ ਪੱਥਰੀ ਦਾ ਸਹੀ ਆਕਾਰ ਅਤੇ ਇਸਦੀ ਗੁਰਦੇ ਵਿੱਚ ਜਗਾ ਜਾਣਨ ਲਈ ਇਹ ਸਭ ਟੈਸਟ ਕਰਦੇ ਹਨ।
ਇਲਾਜ
ਗੁਰਦੇ ਦੀ ਪੱਥਰੀ ਦਾ ਇਲਾਜ ਬੱਚਿਆਂ ਅਤੇ ਵੱਡਿਆਂ ਵਿੱਚ ਲੱਗਭਗ ਇੱਕੋ ਜਿਹਾ ਹੀ ਹੁੰਦਾ ਹੈ। ਡਾਕਟਰ ਤੁਹਾਨੂੰ ਬਹੁਤ ਸਾਰਾ ਪਾਣੀ ਪੀਣ ਲਈ ਕਹਿ ਸਕਦਾ ਹੈ।ਡਾਕਟਰ ਬਿਨਾਂ ਸਰਜਰੀ ਦੇ ਪੱਥਰੀ ਨੂੰ ਪਿਸ਼ਾਬ ਰਾਹੀਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਉਹ ਯੂਰਿਕ ਐਸਿਡ ਘੱਟ ਬਣਾਉਣ ਦੀ ਦਵਾਈ ਵੀਦਿੰਦੇ ਹਨ।ਪਰ ਜੇ ਇਹ ਬਹੁਤ ਵੱਡੀ ਹੈ ਤਾਂ ਇਸ ਨੂੰ ਸਰਜਰੀ ਨਾਲ ਹਟਾਇਆ ਜਾਂਦਾ ਹੈ।